ਈਂਧਨ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਐਟਲਾਂਟਿਕ ਕੈਨੇਡਾ ਵਿਚ ਪੈਸੇਂਜਰ ਟ੍ਰੈਵਲ ਕੰਪਨੀਆਂ ਨੇ ਕਿਰਾਇਆਂ 'ਤੇ ਸਰਚਾਰਜ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਖੇਤਰ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ 'ਕੈਸੀਨੋ ਟੈਕਸੀ, ਹੈਲੀਫੈਕਸ' ਨੇ ਡਰਾਈਵਰਾਂ ਨੂੰ ਮੁਆਵਜ਼ਾ ਦੇਣ ਵਿਚ ਮਦਦ ਲਈ ਹਰ ਕਿਰਾਏ 'ਤੇ $1.30 ਫਿਊਲ ਸਰਚਾਰਜ ਲਾ ਦਿੱਤਾ ਹੈ।
ਕੰਪਨੀ ਦੇ ਮੁਖੀ ਬ੍ਰਾਇਨ ਹੈਰਮਨ ਦਾ ਕਹਿਣਾ ਹੈ ਕਿ ਸਰਚਾਰਜ ਦਾ ਸਿੱਧਾ ਭੁਗਤਾਨ ਡਰਾਈਵਰਾਂ ਨੂੰ ਕੀਤਾ ਜਾਵੇਗਾ, ਜੋ ਈਂਧਣ ਦੀਆਂ ਕੀਮਤਾਂ 2 ਡਾਲਰ ਪ੍ਰਤੀ ਲਿਟਰ ਦੇ ਨੇੜੇ ਪਹੁੰਚਣ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੈਲੀਫੈਕਸ ਸਿਟੀ ਕੌਂਸਲ ਵੱਲੋਂ ਕਿਰਾਇਆਂ ਵਿਚ ਵਾਧੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਰਚਾਰਜ ਹਟਾ ਦਿੱਤਾ ਜਾਵੇਗਾ, ਇਸ ਦੇ ਆਉਣ ਵਾਲੇ ਹਫ਼ਤਿਆਂ ਵਿਚ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੈਰੀਟਾਈਮ ਬੱਸ ਨੇ ਵੀ ਇੰਟਰਸਿਟੀ ਰੂਟ ਲਈ ਫਿਊਲ ਸਰਚਾਰਜ ਲਗਾਇਆ ਹੈ ਪਰ ਇਸ ਦੇ ਮਾਲਕ ਮਾਈਕ ਕੈਸੀਡੀ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਆਪਣੀਆਂ ਬੱਸਾਂ ਵਿਚ ਸਫਰ ਲਈ ਉਤਸ਼ਾਹਿਤ ਕਰਨ ਵਾਸਤੇ ਦਰਾਂ ਨੂੰ ਘੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿ ਬਹੁਤ ਸਾਰੇ ਲੋਕ ਆਪਣੀਆਂ ਨਿੱਜੀ ਕਾਰਾਂ ਹੀ ਸਫਰ ਲਈ ਵਰਤਦੇ ਹਨ ਪਰ ਜੇ ਈਂਧਨ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਐਟਲਾਂਟਿਕ ਖੇਤਰ ਵਿਚ ਯਾਤਰਾ ਲਈ ਵਧੇਰੇ ਲੋਕ ਬੱਸਾਂ ਦੀ ਵਰਤੋਂ ਕਰਨਗੇ।